ਪੰਜਾਬੀਆਂ ਨੇ ਕੀਤੀਆਂ ਵੱਡੀਆਂ ਪ੍ਰਾਪਤੀਆਂ, ਨਸ਼ਿਆਂ ਵਿਰੁੱਧ ਜੰਗ ਜਿੱਤਣਾ ਔਖਾ ਨਹੀਂ-ਮਾਲਵਿੰਦਰ ਸਿੰਘ ਕੰਗ

Spread the love

ਮੁਹਾਲੀ, 16 ਮਈ (SPOT LIGHT 24)  ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਸ੍ਰੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਜੁਲਮ ਵਿਰੁੱਧ ਲੜਾਈ ਲੜੀ ਹੈ ਤੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ, ਭਾਵੇਂ ਉਹ ਅਜਾਦੀ ਦੀ ਲੜਾਈ ਹੋਵੇ ਤੇ ਜਾਂ ਫੇਰ ਸਰਹੱਦ’ਤੇ ਸ਼ਹਾਦਤ ਦੀ ਗੱਲ ਹੋਵੇ। ਇਹੋ ਨਹੀਂ ਅੰਨ ਭੰਡਾਰ ਵਿੱਚ ਹਿੱਸੇਦਾਰੀ ਤੇ ਖੇਡ ਦੇ ਮੈਦਾਨ ਵਿੱਚ ਵੀ ਪੰਜਾਬੀਆਂ ਦੀ ਹੀ ਝੰਡੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਅਕਾਸ਼ ਹਿੰਦੀ ਫਿਲਮਾਂ ਨੇ ਵਿਗਾੜਿਆ ਹੈ ਤੇ ਪੰਜਾਬੀਆਂ ਨੂੰ ਐਸ ਪਰਸਤੀ ਵਾਲੇ ਵਿਅਕਤੀ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ ਪਰ ਪੰਜਾਬੀ ਦੀ ਅਸਲ ਤਸਵੀਰ ਇਹ ਹੈ ਕਿ ਜੇਕਰ ਉਹ ਮਨ ਵਿੱਚ ਧਾਰ ਲੈਣ ਤਾਂ ਕੁਝ ਵੀ ਕਰ ਸਕਦੇ ਹਨ। ਸ਼੍ਰੀ ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਦੇਸ਼ ਦੀ ਅਜਾਦੀ ਦੀ ਲੜਾਈ ਤੇ ਸਰਹੱਦਾਂ ‘ਤੇ ਜੰਗਾਂ ਜਿੱਤੀਆਂ ਹਨ, ਠੀਕ ਉਸੇ ਤਰ੍ਹਾਂ ਪੰਜਾਬੀ ਨਸ਼ਿਆਂ ਵਿਰੁੱਧ ਜੰਗ ਵੀ ਅਸਾਨੀ ਨਾਲ ਜਿੱਤ ਲੈਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਹੋਰਨਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹੁਨਰਮੰਦ ਪੰਜਾਬੀ ਨੌਜਵਾਨਾਂ ਨੂੰ ਮੋਹਰੀ ਹੋ ਕੇ ਵੱਖ-ਵੱਖ ਖੇਤਰਾਂ ਵਿੱਚ ਸਮਾਜ ਦੀ ਮਜਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਸ਼੍ਰੀ ਕੰਗ ਗੁਰੂ ਨਾਨਕ ਸੇਵਾ ਦਲ ਵੱਲੋਂ ਚਲਾਏ ਜਾ ਰਹੇ ਪੁਲਿਸ ਸੁਰੱਖਿਆ ਮੈਗਜੀਨ ਦੇ ਮੁਖੀ ਬੀਬੀ ਕਰਨਜੀਤ ਕੌਰ ਤੇ ਸਹਿਯੋਗੀ ਜਰਨੈਲ ਸਿੰਘ ਨੂੰ ਅੱਜ ਦਾ ਨਸ਼ਿਆਂ ਵਿਰੁੱਧ ਜਾਗਰਿਤੀ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਐਮਪੀ ਸ੍ਰੀ ਮਾਲਵਿੰਦਰ ਸਿੰਘ ਕੰਗ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਮੁਹਾਲੀ ਵਿਖੇ ਪੁੱਜੇ ਸੀ। ਬੀਬੀ ਕਰਨਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਸਾਹਮਣੇ ਨਸ਼ਿਆਂ ਦੇ ਕੁਝ ਮਾਮਲੇ ਸਾਹਮਣੇ ਆਏ, ਜਿਸ ਵਿੱਚ ਨੌਜਵਾਨਾਂ ਦੇ ਮਾਪੇ ਖਾਸੇ ਪਰੇਸ਼ਾਨ ਨਜਰ ਆਏ ਤੇ ਇਸੇ ਦੇ ਮੱਦੇਨਜ਼ਰ ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਆਪਣੀ ਮੈਗਜ਼ੀਨ “ਪੁਲਿਸ ਸੁਰਕਸ਼ਾ ਮੈਗਜ਼ੀਨ” ਰਾਹੀਂ ਹਿੱਸਾ ਪਾਉਣ ਲਈ ਪ੍ਰੋਗਰਾਮ ਉਲੀਕਿਆ ਹੈ ਤਾਂ ਜੋ ਨਸ਼ਿਆਂ ਦੀ ਇਸ ਲਾਹਨਤ ਤੋਂ ਸਮਾਜ ਨੂੰ ਮੁਕਤੀ ਮਿਲੇ। ਅੱਜ ਦੇ ਪ੍ਰੋਗਰਾਮ ਵਿੱਚ ਸਾਬਕਾ ਸੰਸਦ ਮੈਂਬਰ ਡਾਕਟਰ ਮੁਕੇਸ਼ ਸਾਹੂ ਮਹੇਸਵਰੀ, ਐਜੁਕੇਸ਼ਨਿਸਟ ਸੁੰਦਰ ਲਾਲ ਅੱਗਰਵਾਲ, ਮਹੰਤ ਦੇਵਯਾਨੀ ਨੰਦਗਿਰੀ ਤੇ ਮੁਹਾਲੀ ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਮੌਜੂਦ ਰਹੇ। ਇਸ ਮੌਕੇ ਰਤਨ ਪ੍ਰੋਫਾਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਤੇ ਨਸ਼ਿਆਂ ਵਿਰੁੱਧ ਜਾਗਰੁਕ ਕਰਦਾ ਇੱਕ ਨਾਟਕ ਵੀ ਖੇਡਿਆ।